ਗੁਰਦੁਆਰਾ ਸ਼੍ਰੀ ਜਨਮ ਅਸਥਾਨ ਧੰਨ ਧੰਨ ਭਾਈ ਜੇਠਾ ਜੀ ਸ਼ਹੀਦ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਸਿੱਧਵਾਂ ਵਿਚ ਸਥਿਤ ਹੈ । ਸ਼ਹੀਦ ਭਾਈ ਜੇਠਾ ਜੀ ਦਾ ਜਨਮ ੧੧ ਜੇਠ ਸੰਮਤ ੧੬੧੧ ਈਸਵੀ ੧੫੫੪ ਨੂੰ ਪਿੰਡ ਸਿੱਧਵਾ ਵਿੱਚ ਹੋਇਆ ਹੈ, ਜੋ ਅੱਜ ਕੱਲ ਡਾਕਖਾਨਾ ਖਾਲੜਾ ਤਹਿਸੀਲ ਪੱਟੀ ਵਿੱਚ ਸਥਿਤ ਹੈ। ਆਪ ਜੀ ਦੇ ਪਿਤਾ ਦਾ ਨਾਂ ਸਾਂਢ ਜੀ ਤੇ ਮਾਤਾ ਜੀ ਦਾ ਨਾਂ ਬੀਬੀ ਕਰਮੀ ਸੀ। ਭਾਈ ਜੇਠਾ ਜੀ ਨੂੰ ਦੋ ਪਾਤਸ਼ਾਹੀਆਂ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਸੈਨਾਪਤੀ ਬਣ ਕੇ ਜਬਰ ਤੇ ਜੁਲਮ ਖਾਤਮਾ ਕਰਨ ਵਾਸਤੇ ਮਾਣ ਪ੍ਰਾਪਤ ਹੈ। ੧੫੭੭ ਈ: ਨੂੰ ਸਰੋਵਰ ਦੀ ਸੇਵਾ ੧੫੮੮ ਈ: ਨੂੰ ਸ਼੍ਰੀ ਹਰਿਮੰਦਰ ਸਾਹਿਬ ਦੀ ਸੇਵਾ ਲੈ ਕੇ ੧੬੦੬ ਈ: ਤੱਕ ਸ੍ਰੀ ਅੰਮ੍ਰਿਤਸਰ ਵਿੱਚ ਰਹਿ ਕੇ ੨੯ ਸਾਲ ਭਾਈ ਜੇਠਾ ਜੀ ਨੇ ਕੀਤੀ ਹੈ। ੨੨ ਮਈ ੧੬੦੬ ਨੂੰ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਦੇਣ ਵਾਸਤੇ ਲਹੌਰ ਗਏ ਸਨ, ਉਸ ਸਮੇਂ ਭਾਈ ਜੇਠਾ ਜੀ ਵੀ ਨਾਲ ਗਏ ਸਨ। ਉਸ ਸਮੇਂ ਦੇ ਜਾਬਰ ਹਾਕਮਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਜੋ ਜੁਲਮ ਕੀਤਾ ਸੀ, ਉਸ ਦਾ ਸਾਰਾ ਵਿਸਥਾਰ ਭਾਈ ਜੇਠਾ ਜੀ ਤੇ ਹੋਰ ਸਿੰਘਾਂ ਨੇ ਛੇਵੇਂ ਪਾਤਸ਼ਾਹ ਜੀ ਨੂੰ ਅੰਮ੍ਰਿਤਸਰ ਪਹੁੰਚ ਕੇ ਦੱਸਿਆ | ਇਸ ਤੋਂ ਬਾਅਦ ਛੇਵੇਂ ਪਾਤਸ਼ਾਹ ਜੀ ਨੇ ਜਬਰ ਤੇ ਜੁਲਮ ਦਾ ਖਾਤਮਾ ਕਰਨ ਲਈ ੨੬ ਹਾੜ ੧੬੦੬ ਨੂੰ ਫੌਜ ਦਾ ਗਠਨ ਕੀਤਾ ਜਿਸ ਵਿੱਚ ਚਾਰ ਸੈਨਾਪਤੀ ਥਾਪੇ ਗਏ, ਇਹਨਾਂ ਵਿੱਚ ਇੱਕ ਸੈਨਾਪਤੀ ਭਾਈ ਜੇਠਾ ਜੀ ਸਨ। ਫੌਜ ਦੇ ਗਠਨ ਤੋਂ ਬਾਦ ਛੇਂਵੇ ਪਾਤਸ਼ਾਹ ਨੂੰ ਦਿੱਲੀ ਸੱਦਿਆ। ਭਾਈ ਜੇਠਾ ਜੀ ਵੀ ਨਾਲ ਗਏ ਸਨ। ਜਹਾਂਗੀਰ ਬਾਦਸ਼ਾਹ ਨੇ ਛੇਵੇਂ ਪਾਤਸ਼ਾਹ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰ ਦਿੱਤਾ। ਗੁਰੂ ਸਾਹਿਬ ਨੇ ਸਰਕਾਰੀ ਭੋਜਨ ਖਾਣ ਤੋਂ ਨਾਹ ਕਰ ਦਿੱਤੀ। ਭਾਈ ਜੇਠਾ ਜੀ ਤੇ ਹੋਰ ਸਿੰਘ ਮਿਹਨਤ ਕਰਕੇ ਜੋ ਪੈਸੇ ਇਕੱਠੇ ਕਰਦੇ ਸਨ ਉਹ ਨਾਂ ਪੈਸਿਆਂ ਦਾ ਗੁਰੂ ਸਾਹਿਬ ਲਈ ਭੋਜਨ ਤਿਆਰ ਕਰਦੇ ਸਨ |ਛੇਵੇਂ ਪਾਤਸ਼ਾਹ ਜੀ ਦੀ ਗ੍ਰਿਫਤਾਰੀ ਤੋਂ ਬਾਅਦ ਬਾਬਾ ਬੁੱਢਾ ਜੀ ਨੇ ਗਵਾਲੀਅਰ ਪਹੁੰਚ ਕੇ ਭਾਈ ਜੇਠਾ ਜੀ ਨੂੰ ਗੁਰੂ ਸਾਹਿਬ ਦੀ ਆਜ਼ਾਦੀ ਵਾਸਤੇ ਦਿੱਲੀ ਭੇਜਿਆ ਸੀ। ਭਾਈ ਜੇਠਾ ਜਹਾਗੀਰ ਬਾਦਸ਼ਾਹ ਨੂੰ ਸ਼ੇਰ ਦੇ ਰੂਪ ਵਿੱਚ ਭਿਆਨਕ ਦ੍ਰਿਸ਼ ਤੇ ਸੁਪਨੇ ਵਿਖਾਉਣ ਵਿੱਚ ਕਾਮਯਾਬ ਰਹੇ। ਇਸ ਤੋਂ ਬਾਦ ਜਹਾਂਗੀਰ ਬਾਦਸ਼ਾਹ ਨੂੰ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਚੋਂ ਆਜ਼ਾਦ ਕਰਨਾ ਪਿਆ। ਜਹਾਂਗੀਰ ਬਾਦਸ਼ਾਹ ਨੇ ਚੰਦੂ ਨੂੰ ਗੁਰੂ ਸਾਹਿਬ ਦੇ ਹਵਾਲੇ ਕਰ ਦਿੱਤਾ। ਭਾਈ ਜੇਠਾ ਜੀ ਤੇ ਭਾਈ ਬਿੱਧੀ ਚੰਦ ਜੀ ਨੇ ਫੜ ਕੇ ਇਸ ਦੇ ਨੱਕ ਵਿੱਚ ਨਕੇਲ ਪਾ ਕੇ ਗਲੀ-ਗਲੀ ਫੇਰਿਆ ਸੀ। ਭਾਈ ਗੁਰਦਾਸ ਜੀ ਗੁਰੂ ਸਾਹਿਬ ਨਾਲ ਗੁੱਸੇ ਹੋ ਕੇ ਬਨਾਰਸ ਚਲੇ ਗਏ ਸਨ। ਗੁਰੂ ਸਾਹਿਬ ਦੇ ਹੁਕਮ ਅਨੁਸਾਰ ਭਾਈ ਜੇਠਾ ਜੀ ਬਨਾਰਸ ਗਏ। ਉਥੋਂ ਭਾਈ ਗੁਰਦਾਸ ਨੂੰ ਕੈਦ ਕਰਕੇ ਗੁਰੂ ਸਾਹਿਬ ਦੇ ਹਵਾਲੇ ਕੀਤਾ ਸੀ। ਛੇਵੇਂ ਪਾਤਸ਼ਾਹ ਜੀ ਨੇ ਮੁਗਲ ਰਾਜ ਦੇ ਜੁਲਮ ਦੇ ਵਿਰੁੱਧ ਪਹਿਲੀ ਜੰਗ ਸੰਨ ੧੬੨੯ ਵਿੱਚ ਅੰਮ੍ਰਿਤਸਰ ਵਿੱਚ ਲੜੀ। ਭਾਈ ਜੇਠਾ ਜੀ ਨੇ ਪਹਿਲੀ ਤੇ ਦੂਸਰੀ ਜੰਗ ਵਿੱਚ ਸੂਰਬੀਰਤਾ ਆਪਣੇ ਜੋਹਰ ਵਿਖਾਏ ਸਨ। ਤੀਸਰੀ ਜੰਗ ਗੁਰੂ ਸਾਹਿਬ ਨੇ ਲਹਿਰਾ ਮਹਿਰਾਜ (ਫੂਲ ਮਹਿਰਾਜ) ਦੀ ਧਰਤੀ ਤੇ ਲੜੀ। ਲੜਾਈ ਦਾ ਮੈਦਾਨ ਵਿੱਚ ਕਮਰ ਬੇਗ ਤੇ ਸਮਸ਼ ਬੇਗ ਦੇ ਮਾਰੇ ਜਾਣ ਤੋਂ ਬਾਦ ਕਾਸਿਮ ਬੇਗ ਮੈਦਾਨ ਵਿੱਚ ਆਇਆ। ਗੁਰੂ ਸਾਹਿਬ ਨੇ ਭਾਈ ਜੇਠਾ ਜੀ ਨੂੰ ਪੰਜ ਸੌ ਸਿੰਘਾ ਦਾ ਜਥਾ ਦੇ ਕੇ ਕਾਸਿਮ ਬੇਗ ਦਾ ਮੁਕਾਬਲਾ ਕਰਨ ਲਈ ਤੋਰ ਦਿੱਤਾ। ਉਸ ਸਮੇਂ ਭਾਈ ਜੇਠਾ ਜੀ ਦੀ ਉਮਰ ੭੭ ਸਾਲ ਦੀ ਸੀ। ਕਾਸਿਮ ਬੇਗ ਨੇ ਉਸ ਨੂੰ ਸੰਬੋਧਤ ਕੀਤਾ,"ਓ ਬਜੁਰਗਾ, ਤੂੰ ਇਹ ਛੋਟੀ ਜਿਹੀ ਫੌਜ ਨਾਲ ਆਪਣੇ ਆਪ ਨੂੰ ਨਸ਼ਟ ਕਰਨ ਲਈ ਕਿਉਂ ਆ ਰਿਹਾ ਹੈ? ਜਾ ਅਤੇ ਇਸ ਦੁਨੀਆ ਵਿੱਚ ਕੁਝ ਦਿਨ ਹੋਰ ਮੌਜ ਲੈ ਲੈ। ਭਾਈ ਜੇਠਾ ਜੀ ਨੇ ਉੱਤਰ ਦਿੱਤਾ, ਮੈਂ ਤਾਂ ਜੀਵਨ ਭੋਗ ਲਿਆ ਹੈ, ਪਰ ਤੂੰ ਅਜੇ ਛੋਟਾ ਹੈ। ਮੈਂ ਵੇਖ ਰਿਹਾ ਹਾਂ ਕਿ ਤੇਰੀਆਂ ਦਾੜੀ-ਮੁੱਛਾਂ ਅਜੇ ਫੁੱਟ ਰਹੀਆਂ ਹਨ। ਤੂੰ ਜਾ ਕੇ ਦੁਨੀਆ ਦਾ ਰੌਣਕ ਮੇਲਾ ਵੇਖ। ਜੇ ਗੱਲ ਨਹੀਂ ਮੁਕਦੀ ਹੈ। ਆਪਾਂ ਲੜਾਈ ਦੇ ਮੈਦਾਨ ਵਿੱਚ ਲੜ੍ਹ ਕੇ ਵੇਖ ਲਈਏ। ਲੜਾਈ ਦੇ ਮੈਦਾਨ ਵਿੱਚ ਤਲਵਾਰਾਂ ਤੇ ਤੀਰ ਕਮਾਨ ਚੱਲਣ ਲੱਗ ਪਏ। ਭਾਈ ਜੇਠਾ ਜੀ ਨੇ ਤੀਰ ਮਾਰ ਕੇ ਕਾਸਿਮ ਬੇਗ ਦੇ ਘੋੜੇ ਨੂੰ ਮਾਰ ਦਿੱਤਾ। ਕਾਸਿਮ ਬੇਗ ਨੂੰ ਲੱਤਾਂ ਤੋਂ ਖਿੱਚ ਕੇ ਸਿਰ ਦੇ ਚਾਰੇ ਪਾਸੇ ਘੁਮਾਇਆ ਤੇ ਜੋਰ ਨਾਲ ਕਾਸਿਮ ਬੇਗ ਦਾ ਸਿਰ ਜਮੀਨ ਤੇ ਮਾਰਿਆ। ਕਾਸਿਮ ਬੇਗ ਤੁਰੰਤ ਮਰ ਗਿਆ। ਸੈਨਾਪਤੀ ਲਲਾ ਬੇਗ ਆਪਣੀ ਬਚੀ ਹੋਈ ਸੈਨਾ ਲੈ ਕੇ ਅੱਗੇ ਵਧਿਆ। ਹਸਨ ਖਾਂ ਨੇ ਗੁਰੂ ਸਾਹਿਬ ਨੂੰ ਸਲਾਹ ਦਿੱਤੀ ਕਿ ਭਾਈ ਜੇਠਾ ਜੀ ਦੀ ਮਦਦ ਵਾਸਤੇ ਹੋਰ ਫੌਜ ਭੇਜੀ ਜਾਵੇ। ਗੁਰੂ ਸਾਹਿਬ ਨੇ ਉੱਤਰ ਦਿੱਤਾ ਕਿ ਜੇਠਾ ਇੱਕ ਸ਼ੇਰ ਦੀ ਤਰ੍ਹਾਂ ਹੈ। ਆਪਣੇ ਦੁਸ਼ਮਣਾਂ ਨੂੰ ਖਤਮ ਕਰ ਦੇਵੇਗਾ। ਲੜਾਈ ਦੇ ਮੈਦਾਨ ਵਿੱਚ ਦੋਹਾਂ ਪਾਸਿਆਂ ਤੋਂ ਤੀਰਾਂ ਦੀ ਵਰਖਾ ਹੋਣ ਲੱਗ ਪਈ। ਭਾਈ ਜੇਠੇ ਦੁਆਰਾ ਬਰਬਾਦੀ ਕੀਤੀ ਜਾਂਦੀ ਵੇਖ ਕੇ ਲਲਾ ਵੇਗ ਅੱਗੇ ਵਧਿਆ। ਪਹਿਲਾਂ ਲਲਾ ਬੇਗ ਨੇ ਬਰਛੇ ਦਾ ਵਾਰ ਕੀਤਾ। ਜਿਸ ਨੂੰ ਭਾਈ ਜੇਠਾ ਜੀ ਨੇ ਬਚਾ ਲਿਆ। ਇਸ ਤੇ ਲਲਾ ਬੇਗ ਨੇ ਤਲਵਾਰ ਖਿੱਚ ਲਈ ਅਤੇ ਭਾਈ ਜੇਠਾ ਜੀ ਨੇ ਪਹਿਲਾ ਵਾਰ ਝੱਲ ਲਿਆ। ਅਗਲੀ ਵਾਰ ਲਲਾ ਬੇਗ ਜਿਆਦਾ ਕਾਮਯਾਬ ਰਿਹਾ ਕਿਉਕਿ ਹੁਣ ਉਸ ਨੇ ਆਪਣੇ ਬਹਾਦਰ ਵਿਰੋਧੀ ਦੇ ਦੋ ਟੁਕੜੇ ਕਰ ਦਿੱਤੇ ਸਨ। ਭਾਈ ਜੇਠਾ ’ਵਾਹਿਗੁਰੂ, ਵਾਹਿਗੁਰੂ’ ਉਚਾਰਦਾ ਹੋਇਆ ਸ਼ਹੀਦੀ ਪ੍ਰਾਪਤ ਕਰ ਗਿਆ। ਇਸ ਮਗਰੋਂ ਛੇਵੇਂ ਪਾਤਸ਼ਾਹ ਜੀ ਲੜਾਈ ਦੇ ਮੈਦਾਨ ਵਿੱਚ ਆਪਣੇ ਤੇਜ ਘੋੜੇ ਸਵਾਰ ਹੋ ਕੇ ਪਹੁੰਚ ਗਏ। ਇੱਕ ਦੂਸਰੇ ਤੇ ਤੀਰਾਂ ਦੀ ਵੀਰਖਾ ਹੋ ਰਹੀ ਸੀ। ਗੁਰੂ ਸਾਹਿਬ ਨੇ ਨਿਸ਼ਾਨਾ ਬੰਨ ਕੇ ਲਲਾ ਬੇਗ ਦੇ ਘੋੜੇ ਤੇ ਵਾਰ ਕੀਤਾ ਜਿਹੜਾ ਕਿ ਆਪਣੇ ਸਵਾਰ ਸਮੇਤ ਥੱਲੇ ਡਿੱਗ ਪਿਆ। ਗੁਰੂ ਸਾਹਿਬ ਘੋੜੇ ਤੋਂ ਥੱਲੇ ਉੱਤਰ ਆਏ। ਸੈਨਾਪਤੀ ਨੇ ਲੜਨਾ ਸ਼ੁਰੂ ਕੀਤਾ ਅਤੇ ਤਲਵਾਰ ਨਾਲ ਗੁਰੂ ਸਾਹਿਬ ਤੇ ਅਨੇਕਾਂ ਵਾਰ ਕੀਤੇ। ਜਿਹੜੇ ਕਿ ਸਾਰੇ ਗੁਰੂ ਸਾਹਿਬ ਨੇ ਬਚਾ ਲਏ ਸਨ। ਇਸ ਤੋਂ ਬਾਦ ਗੁਰੂ ਸਾਹਿਬ ਨੇ ਪੂਰੀ ਤਾਕਤ ਨਾਲ ਲਲਾ ਬੇਗ ਤੇ ਅਜਿਹਾ ਵਾਰ ਕੀਤਾ ਜਿਸ ਨਾਲ ਉਸ ਦਾ ਸਿਰ ਧੜ ਨਾਲੋਂ ਵੱਖਰਾ ਹੋ ਗਿਆ। ੧੫ ਮੱਘਰ ਸੰਮਤ ੧੬੮੮ ਸੰਨ ੧੬੩੧ ਦੀ ਅੱਧੀ ਰਾਤ ਨੂੰ ਸ਼ੁਰੂ ਹੋਈ ਲੜਾਈ ੧੬ ਮੱਘਰ ਸੰਮਤ ੧੬੮੮ ਨੂੰ ਸ਼ਾਮ ੬ ਵਜੇ ਮੁਗਲ ਫੌਜ ਦਾ ਖਾਤਮਾ ਕਰਕੇ ਖਤਮ ਹੋਈ। ਲੜਾਈ ਦੇ ਮੈਦਾਨ ਨੂੰ ਗੁਰੂ ਸਾਹਿਬ ਨੇ ਇੱਕ ਯਾਤਰਾ ਦਾ ਅਸਥਾਨ ਬਣਾ ਦਿੱਤਾ। ਹੁਣ ਇਸ ਨੂੰ ਗੁਰੂ ਸਰ ਜਾਂ ਗੁਰੂ ਸਾਹਿਬ ਦਾ ਸਰੋਵਰ ਕਿਹਾ ਜਾਂਦਾ ਹੈ। ਇਹ ਨਥਾਣਾ ਪਿੰਡ ਦੇ ਲਾਗੇ ਰਾਮਪੁਰਾ ਫੂਲ ਰੇਲਵੇ ਸਟੇਸ਼ਨ ਤੋਂ ਲਗਭਗ ਵਿੱਥ ਉੱਤੇ ਹੈ।
ਤਸਵੀਰਾਂ ਲਈਆਂ ਗਈਆਂ :- ੪ ਅਕਤੁਬ ਰ, ੨੦੦੯. |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ:-
ਗੁਰਦਵਾਰਾ ਸ਼੍ਰੀ ਜਨਮ ਅਸਥਾਨ ਭਾਈ ਜੇਠਾ ਜੀ ਸ਼ਹੀਦ, ਸਿੱਧਵਾਂ
ਕਿਸ ਨਾਲ ਸੰਬੰਧਤ ਹੈ :-
ਭਾਈ ਜੇਠਾ ਜੀ ਸ਼ਹੀਦ
ਪਤਾ ਪਿੰਡ :- ਸਿੱਧਵਾਂ
ਜ਼ਿਲ੍ਹਾ :- ਤਰਨ ਤਾਰਨ
ਰਾਜ :- ਪੰਜਾਬ
ਫ਼ੋਨ ਨੰਬਰ
:- |
|
|
|
|
|
|