ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਪਾਤਸ਼ਾਹੀ ਛੇਵੀਂ ਅਤੇ ਨੋਂਵੀਂ ਸਾਹਿਬ ਜ਼ਿਲ੍ਹਾ ਪਟਿਆਲਾ ਦੇ ਪਿੰਡ ਕਰਹਾਲੀ ਵਿਚ ਸਥਿਤ ਹੈ | ਇਸ ਪਵਿੱਤਰ ਅਸਥਾਨ ਨੂੰ ਛੇਵੇਂ ਅਤੇ ਨੌਵੇਂ ਗੁਰੂ ਦੀ ਛੋਹ ਪ੍ਰਾਪਤੀ ਹੈ । ਛੇਵੇਂ ਗੁਰੂ ਜੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਿੱਲੀ ਨੂੰ ਜਾਦੇਂ ਸੰਮਤ ਬਿਕਰਮੀ ੧੬੭੩ ਈ: ਮੁਤਾਬਿਕ ੫ ਜੇਠ ਨੂੰ ਅੰਮ੍ਰਿਤਸਰ ਤੋਂ ਇੱਕ ਸੌ ਘੋੜ ਅਸਵਾਰਾਂ ਸਮੇਤ ੧੬੭੩ ਈ: ਮੁਤਾਬਿਕ ਕਰਹਾਲੀ ਉਪਰ ਦੀ ਤਰਫ ਇੱਕ ਝਿੜੀ ਵਿੱਚ ਆ ਖਲੋਤੇ । ਜਿਥੇ ਇੱਕ ਸਨਮੁਖ ਨਾਮ ਦਾ ਕੁਸ਼ਟ ਰੋਗ ਦਾ ਇੱਕ ਭਿਆਨਕ ਰੋਗੀ ਰਹਿੰਦਾ ਸੀ । ਜਿਸ ਦੇ ਸਰੀਰ ਤੇ ਮੱਖੀਆਂ ਭਿਣਕ-੨ ਕਰਦੀਆਂ ਸਨ । ਉਸ ਨੂੰ ਪਿੰਡ ਤੋਂ ਬਾਹਰ ਕੱਢਿਆ ਹੋਇਆ ਸੀ । ਹਰ ਮਨੁੱਖ ਉਸ ਦੇ ਮੱਥੇ ਲੱਗਣਾ ਮਾੜਾ ਸਮਝਦਾ ਸੀ ਰੋਟੀ ਵੀ ਕਦੇ ਕਦਾਈ ਕੋਈ ਰੱਬ ਦਾ ਪਿਆਰਾ ਦੇ ਜਾਂਦਾ ਸੀ । ਕਿਤੇ ਉਸ ਦਾ ਛੂਤ ਰੋਗ ਕਿਸੇ ਹੋਰ ਨੂੰ ਨਾ ਲੱਗ ਜਾਵੇ । ਇਸ ਲਈ ਉਹ ਝੁੱਗੀ ਵਿੱਚ ਇਕੱਲਾ ਹੀ ਪਿਆ ਰਹਿੰਦਾ ਸੀ ਅਤੇ ਹਰ ਵੇਲੇ ਵਾਹਿਗੁਰੂ ਦਾ ਨਾਮ ਜਪਦਾ ਰਹਿੰਦਾ ਸੀ । ਕਦੇ ਦੁਖੀ ਹੋ ਕੇ ਵਿਰਲਾਪ ਕਰਦਾ ਸੀ । ਕਲਯੁਗ ਦੇ ਅਵਤਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ ਮੈਂ ਤੇਰੇ ਨਾਮ ਦਾ ਵਾਸਤਾ ਪਾਉਂਦਾ ਹਾਂ ਤੂੰ ਸਮੱਰਥ ਤੇ ਪ੍ਰਤੱਖ ਹੈ, ਜਾਂ ਤਾਂ ਮੇਰੀ ਮੁਕਤੀ ਕਰ ਦਿਓ । ਨਹੀ ਤਾਂ ਮੇਰੇ ਸਰੀਰ ਦੇ ਭਿਆਨਕ ਰੋਗਾਂ ਨੂੰ ਖਤਮ ਕਰ ਦਿਓ | ਘਟ-ਘਟ ਦੇ ਜਾਨਣਹਾਰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਇਥੇ ਪਹੁੰਚੇ, ਤੇ ਆਵਾਜ ਦਿੱਤੀ ਉੱਠ ਭਾਈ ਗੁਰਸਿੱਖਾ ਤੇਰੀ ਬੇਨਤੀ ਗੁਰੂ ਘਰ ਵਿੱਚ ਪ੍ਰਵਾਂਨ ਹੋਈ ਹੈ । ਅਕਾਲ ਪੁਰਖ ਨੇ ਤੇਰੀ ਬੰਦ ਖਲਾਸੀ ਕਰ ਦਿੱਤੀ ਹੈ । ਉੱਠ ਇਸ ਛੱਪੜੀ ਵਿੱਚ ਗੋਤਾ ਲਾ ਤੇਰੀ ਦੇਹ ਕੁੰਦਨ ਵਰਗੀ ਹੋ ਜਾਵੇਗੀ । ਇਹ ਅਵਾਜ ਸੁਣ ਕੇ ਉਹ ਉੱਠਿਆ ਤਾਂ ਸਹੀ ਪਰ ਮਨ ਵਿੱਚ ਦਲੀਲਾਂ ਸੋਚੀ ਜਾਵੇ । ਗੁਰੂ ਸਾਹਿਬ ਨੇ ਅਵਾਜ ਦਿੱਤੀ ਕਿ ਇਸ ਸਮੇਂ ਪਤਾਲਪੁਰੀ ਤੋਂ ਅਠਾਹਠ ਤੀਰਥਾਂ ਦਾ ਜਲ ਇਸ ਥਾਂ ਤੇ ਪ੍ਰਵੇਸ ਕਰ ਰਿਹਾ ਹੈ । ਜਦੋਂ ਕੋੜੀ ਨੇ ਭਵਿੱਖਤ ਬਚਨ ਸੁਣੇ ਤਾਂ ਉਠ ਕੇ ਸਣੇ ਕੱਪੜੇ ਛੱਪੜੀ ਵਿੱਚ ਜਾ ਡਿੱਗਾ ਉਸ ਨੂੰ ਇਊਂ ਪ੍ਰਤੀਤ ਹੋਇਆ ਜੀਵੇਂ ਸ਼ਰੀਰਕ ਰੋਗ ਕਦੇ ਹੋਇਆ ਹੀ ਨਾ ਹੋਵੇ । ਉਹ ਦੋੜ ਕੇ ਗੁਰੂ ਚਰਨੀ ਜਾ ਡਿੱਗਾ ਇਸ ਕੋਤਕ ਦਾ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਸਭ ਹੁੰਮ-ਹੁੰਮਾ ਕੇ ਸਤਿਗੁਰੂ ਜੀ ਦੇ ਚਰਨਾਂ ਜਾ ਡਿੱਗੇ। ਤਾਂ ਹਜੂਰ ਨੇ ਅਸ਼ੀਰਵਾਦ ਦਿੱਤਾ ਜਿਹੜਾ ਇਸ ਥਾਂ ਤੇ ਸ਼ਰਧਾ ਨਾਲ ਪੰਜ ਐਤਵਾਰ ਜਾਂ ਪੰਜ ਪੰਚਮੀਆਂ ਇਸ਼ਨਾਨ ਕਰੇਗਾ ਉਸ ਦਾ ੧੮ ਪ੍ਰਕਾਰ ਦਾ ਕੱਚਾ ਕੋਹੜ ਅਤੇ ਸੋਕੜਾ ਨਿਰੰਕਾਰ ਆਪ ਠੀਕ ਕਰੇਗਾ। ਅਤੇ ਸਮਾਂ ਪਾ ਕੇ ਇਹ ਅਸਥਾਨ ਤੀਰਥ ਬਣੇਗਾ। ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਨੂੰ ਜਾਂਦੇ ਹੋਏ ਇਥੇ ਮੁਬਾਰਕ ਚਰਨ ਪਾਏ।

ਤਸਵੀਰਾਂ ਲਈਆਂ ਗਈਆਂ :- ੧੪ ਫ਼ਰਵਰੀ, ੨੦੦੯.
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਪਾਤਸ਼ਾਹੀ ਛੇਵੀਂ ਅਤੇ ਨੋਵੀਂ ਸਾਹਿਬ, ਕਰਹਾਲੀ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
  • ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ

  • ਪਤਾ :-
    ਪਿੰਡ :- ਕਰਹਾਲੀ
    ਜ਼ਿਲ੍ਹਾ :- ਪਟਿਆਲਾ
    ਰਾਜ :- ਪੰਜਾਬ
    ਫ਼ੋਨ ਨੰਬਰ :-੦੦੯੧-੧੭੫-੨੬੪੮੨੦੧
     

     
     
    ItihaasakGurudwaras.com