ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਜ਼ਿਲ੍ਹਾ ਲੁਧਿਆਣਾ ਦੇ ਸ਼ਹਿਰ ਮਾਛੀਵਾੜਾ ਵਿਚ ਸਥਿਤ ਹੈ | ੧੭੦੪ ਵਿੱਚ ਜ਼ੁਲਮੀ ਕਹਿਰ ਦੇ ਵਿਰੁੱਧ ਲੜਦੇ ਹੋਏ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਦੀ ਗੜੀ ਵਿੱਚੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਉਪਰੰਤ ਪੰਜ ਪਿਆਰੇ ਸਹਿਬਾਨ ਦਾ ਹੁਕਮ ਮੰਨਦੇ ਹੋਏ ਕਲਗੀ ਭਾਈ ਜੀਵਨ ਸਿੰਘ ਨੂੰ ਸੌਂਪ ਕੇ ਪੋਹ ਦੇ ਮਹੀਨੇ ਦੀ ਠੰਢੀ ਠਾਰ ਰਾਤ ਵਿੱਚ ਚਲਕੇ ਪਿੰਡ ਚੂਹੜਪੁਰ ਵਿਖੇ ਇਕ ਝਾੜ ਹੇਠਾਂ ਆਰਾਮ ਕੀਤਾ | ਉੱਥੇ ਹੀ ਗੁਰੂ ਸਾਹਿਬ ਨੇ ਆਪਣੇ ਇਕ ਅਨਿਨ ਸਾਧੂ ਨੂੰ ਦਰਸ਼ਨ ਦੇ ਕੇ ਉਸਦੇ ਮਨ ਦੀਆਂ ਮੁਰਾਦਾਂ ਪੂਰੀਆਂ ਕੀਤੀਆਂ ਅਤੇ ਉਸਦਾ ਜੀਵਨ ਸਫ਼ਲ ਕੀਤਾ ਇਸ ਅਸਥਾਨ ਤੇ ਦਸ਼ਮੇਸ ਪਿਤਾ ਜੀ ਦੀ ਯਾਦ ਵਿੱਚ ਗੁਰਦੁਆਰਾ ਸ਼੍ਰੀ ਝਾੜ ਸਾਹਿਬ ਸੁਸ਼ੋਭਿਤ ਹੈ | ਉਸ ਸਥਾਨ ਤੇ ਵਿਸ਼ਰਾਮ ਕਰਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੰਗੇ ਪੈਰੀ ਫਟੇ ਬਸਤਰਾਂ ਵਿੱਚ ਕੰਡਿਆਲੇ ਅਤੇ ਬਿਖਮ ਰਸਤੇ ਵਿੱਚੋਂ ਹੁੰਦੇ ਹੋਏ ਮਾਛੀਵਾੜੇ ਦੇ ਬੀਆਬਾਨ ਜੰਗਲਾਂ ਵਿੱਚ ਆ ਪਹੁੰਚੇ| ਉੱਥੇ ਪੁੱਜ ਕੇ ਆਪ ਜੀ ਨੇ ਪਹਿਲਾਂ ਖੂਹ ਵਿੱਚੋਂ ਪਾਣੀ ਕੱਢ ਕੇ ਪੀਤਾ ਅਤੇ ਲਗਭਗ ੭੦ ਗਜ਼ ਦੂਰੀ ਤੇ ਸਥਿਤ ਜੰਡ ਦੇ ਰੁੱਖ ਹੇਠਾਂ ਟਿੰਡ ਦਾ ਸਰਾਹਣਾ ਬਣਾ ਕੇ ਹੱਥ ਵਿੱਚ ਨੰਗੀ ਸ਼ਮਸ਼ੀਰ ਦੋ ਜਹਾਨ ਦੇ ਵਾਲੀ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਆਰਾਮ ਕੀਤਾ | ਪਾਤਸ਼ਾਹ ਜੀ ਦੇ ਕੋਮਲ ਚਰਨਾਂ ਵਿੱਚੋਂ ਖੂਨ ਵਹਿ ਰਿਹਾ ਸੀ ਅਤੇ ਬਸਤਰ ਵੀ ਫਟੇ ਹੋਏ ਸਨ | ਲਖਤ-ਏ-ਜਿਗਰ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਸ਼ਹੀਦ ਹੋ ਚੁੱਕੇ ਸਨ | ਜਾਨ ਤੋ ਪਿਆਰੇ ਸਿੰਘ ਵਿਛੜ ਗਏ ਸਨ | ਅਜਿਹੇ ਸਮੇਂ ਗੁਰੂ ਸਾਹਿਬ ਜੀ ਨੇ ਸ਼੍ਰੀ ਅਕਾਲ ਪੁਰਖ ਨੂੰ ਸੰਬੋਧਿਤ ਹੁੰਦਿਆਂ ਫੁਰਮਾਇਆ :-
"ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ||
ਤੁਧ ਬਿਨੁ ਰੋਗੁ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦਾ ਰਹਿਣਾ||
ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ||
ਯਾਰੜੇ ਦਾ ਸਾਨੂੰ ਸੱਥਰ ਚੰਗਾ ਭਠ ਖੇੜਿਆਂ ਦਾ ਰਹਿਣਾ|੧|੧|੬|
ਖਿਆਲ ਪਾਤਸ਼ਾਹੀ ੧੦ ਇਸ ਦੋਰਾਨ ਚਮਕੌਰ ਦੇ ਘੇਰੇ ਵਿੱਚੋਂ ਨਿਕਲ ਕੇ ਦੋ ਪਿਆਰੇ ਭਾਈ ਦਯਾ ਸਿੰਘ, ਜੀ ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਜੀ ਗੁਰੂ ਸਾਹਿਬ ਜੀ ਦੇ ਹੁਕਮ ਮੁਤਾਬਕ ਤਾਰੇ ਦੀ ਸੇਧ ਵੱਲ ਚਲਦਿਆਂ ਮਾਛੀਵਾੜੇ ਦੇ ਜੰਗਲਾਂ ’ਚ ਸਾਹਿਬ ਜੀ ਨੂੰ ਆ ਕੇ ਮਿਲੇ| ਇਹ ਸਮਾਂ ਪਹੁ ਫੁਟਾਲੇ ਦਾ ਸੀ| ਗੁਰੂ ਸਾਹਿਬ ਅਤੇ ਸਿੰਘਾਂ ਨੇ ਖੂਹ ਦੇ ਪਾਣੀ ਨਾਲ ਇਸ਼ਨਾਨ ਕੀਤਾ ਅਤੇ ਨਿਤਨੇਮ ਕਰਨ ਲੱਗ ਪਏ | ਉਸ ਸਮੇਂ ਉੱਥੇ ਬਾਗ ਦਾ ਰਾਖਾ ਮਾਹੀ ਉੱਧਰ ਆ ਨਿਕਲਿਆ| ਜਦੋਂ ਉਸਨੂੰ ਗੁਰੂ ਸਾਹਿਬ ਅਤੇ ਸਿੰਘਾਂ ਨੂੰ ਉੱਥੇ ਬੈਠੇ ਦੇਖਿਆ ਤਾਂ ਉਸਨੇ ਬਾਗ ਦੇ ਮਾਲਿਕ ਭਾਈ ਗੁਲਬੇ ਅਤੇ ਭਾਈ ਪੰਜਾਬੇ ਨੂੰ ਜਾ ਦੱਸਿਆ| ਉਹ ਗੁਰੂ ਸਾਹਿਬ ਨੂੰ ਆਪਣੇ ਘਰ ਸਤਿਕਾਰ ਸਹਿਤ ਲੈ ਗਏ| ਉਸ ਘਰ ਵਾਲੀ ਜਗਾ ਤੇ ਅੱਜ ਗੁਰਦਵਾਰਾ ਸਾਹਿਬ ਸੁਭਾਇਮਾਨ ਹੈ| ਮਾਛੀਵਾੜੇ ਦੇ ਨਗਰ ਵਿੱਚ ਘੋੜਿਆਂ ਦੇ ਵਪਾਰੀ ਦੋ ਭਰਾ ਭਾਈ ਗਨੀ ਖਾਂ ਅਤੇ ਨਬੀ ਖਾਂ ਰਿਹਾ ਕਰਦੇ ਸਨ ਉਹ ਕਾਬਲ ਤੋਂ ਵਧੀਆ ਕਿਸਮ ਦੇ ਘੋੜੇ ਲਿਆ ਕੇ ਗੁਰੂ ਸਾਹਿਬ ਜੀ ਨੂੰ ਅਨੰਦਪੁਰ ਸਾਹਿਬ ਦਿਆ ਕਰਦੇ ਸਨ | ਮੁਗਲਾਂ ਦੀ ਫੌਜ ਦੇ ਘੇਰੇ ਵਿੱਚੋਂ ਕੱਢਣ ਦੀ ਵਿਉਂਤ ਬਣਾਈ ਅਤੇ ਗੁਰੂ ਸਾਹਿਬ ਜੀ ਨੂੰ ਉੱਚ ਦਾ ਪੀਰ ਬਣਾਕੇ ਨਿਕਲਣ ਦੀ ਵਿਚਾਰ ਕੀਤੀ, ਇਸ ਥਾਂ ਤੇ ਹੁਣ ਗੁਰਦੁਆਰਾ ਸਾਹਿਬ ਭਾਈ ਗਨੀ ਖਾਂ ਅਤੇ ਨਬੀ ਖਾਂ ਸੁਸ਼ੋਭਿਤ ਹੈ| ਮਾਤਾ ਹਰਦੇਈ ਜੀ ਜੋ ਗੁਰੂ ਸਾਹਿਬ ਦੀ ਬਹੁਤ ਸ਼ਰਧਾਲੂ ਸੀ ਦੀ ਅੰਤਿਮ ਇੱਛਾ ਨੂੰ ਪੂਰੀ ਕਰਦਿਆਂ ਗੁਰੂ ਸਾਹਿਬ ਜੀ ਨੇ ਮਾਤਾ ਜੀ ਵੱਲੋਂ ਬੜੇ ਪਿਆਰ ਅਤੇ ਸ਼ਰਧਾ ਨਾਲ ਤਿਆਰ ਕੀਤਾ ਹੋਇਆ ਪੁਸ਼ਾਕਾ ਗ੍ਰਹਿਣ ਕੀਤਾ ਅਤੇ ਬਾਅਦ ਵਿੱਚ ਇਸੇ ਪੁਸ਼ਾਕੇ ਨੂੰ ਉੱਚ ਦਾ ਪੀਰ ਬਣਨ ਸਮੇਂ ਲਲਾਰੀ ਪਾਸੋਂ ਨੀਲਾ ਰੰਗ ਕਰਵਾਇਆ|
ਗੁਰੂ ਸਾਹਿਬ ਜੀ ਨੀਲੇ ਵਸਤਰ ਪਹਿਨ ਕੇ ਉੱਚ ਦੇ ਪੀਰ ਦੇ ਰੂਪ ਵਿੱਚ ਪਲੰਘ ਉੱਪਰ ਬਿਰਾਜਮਾਨ ਹੋ ਗਏ| ਭਾਈ ਗਨੀ ਖਾਂ ਅਤੇ ਨਬੀ ਖਾਂ ਭਰਾਵਾਂ ਨੇ ਪਲੰਘ ਨੂੰ ਅੱਗੋ ਅਤੇ ਭਾਈ ਦਯਾ ਸਿੰਘ ਜੀ ਅਤੇ ਭਾਈ ਧਰਮ ਸਿੰਘ ਨੇ ਪਿੱਛੋ ਮੋਢਿਆਂ ਉੱਪਰ ਚੁੱਕਿਆ ਅਤੇ ਭਾਈ ਮਾਨ ਸਿੰਘ ਜੀ ਚੌਰ ਕਰਨ ਲੱਗ ਪਏ| ਪਿੰਡ ਤੋਂ ਬਾਹਰ ਕੁਝ ਦੂਰੀ ਤੇ ਮੁਗਲ ਸੈਨਾ ਦੀ ਚੌਕੀ ਸੀ ਜਿੱਥੇ ਦਿਲਾਵਰ ਖਾਂ ਨੇ ਪੁੱਛਿਆ ਕਿ ਪਲੰਘ ਤੇ ਕੌਣ ਹੈ ਤਾਂ ਭਾਈ ਗਨੀ ਖਾਂ ਅਤੇ ਨਬੀ ਖਾਂ ਨੇ ਉੱਤਰ ਦਿੱਤਾ ਕਿ ਉਹ ਉੱਚ ਦੇ ਪੀਰ ਹਨ| ਫਿਰ ਉਸਨੇ ਬੇਨਤੀ ਕੀਤੀ ਕਿ ਪੀਰ ਸਾਹਿਬ ਉਨ੍ਹਾਂ ਦਾ ਖਾਣਾ ਖਾ ਕੇ ਜਾਣ| ਭਾਈ ਗਨੀ ਖਾਂ ਅਤੇ ਨਬੀ ਖਾਂ ਉੱਤਰ ਦਿੱਤਾ ਕਿ ਪੀਰ ਜੀ ਦਾ ਅੱਜ ਪੱਕਾ ਰੋਜ਼ਾ ਹੈ ਪਰ ਉਸਦੇ ਮੁਰੀਦ ਖਾ ਲੈਣਗੇ| ਇਸ ਤਰ੍ਹਾਂ ਗੁਰੂ ਜੀ ਉੱਥੇ ਰੁੱਕ ਗਏ| ਇਸ ਸਮੇਂ ਦੌਰਾਨ ਦਿਲਾਵਰ ਖਾਂ ਨੇ ਗੁਰੂ ਜੀ ਦੀ ਪਛਾਣ ਲਈ ਨੂਰਪੁਰ ਤੋਂ ਸਯਦ ਪੀਰ ਮਹੁੰਮਦ ਕਾਜ਼ੀ ਨੂੰ ਬੁਲਵਾ ਲਿਆ| ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਅਨੁਸਾਰ ਦਿਲਾਵਰ ਖਾਂ ਨੇ ਚਮਕੌਰ ਦੀ ਲੜਾਈ ਵਿੱਚ ਆਪਣੀ ਜਾਨ ਬਚਾਉਣ ਲਈ ਉੱਚ ਦੇ ਪੀਰ ਅੱਗੇ ੫੦੦ ਅਸ਼ਰਫੀਆਂ ਦੀ ਮੰਨਤ ਮੰਗੀ ਸੀ| ਹੁਣ ਜਦੋਂ ਦਿਲਾਵਰ ਖਾਂ ਨੂੰ ਵਿਸ਼ਵਾਸ ਹੋ ਗਿਆ ਕਿ ਇਹ ਉੱਚ ਦੇ ਪੀਰ ਹਨ ਤਾਂ ਉਸਨੇ ਗੁਰੂ ਅੱਗੇ ੫੦੦ ਅਸ਼ਰਫੀਆਂ ਰੱਖ ਕੇ ਆਪਣੀ ਮੰਨਤ ਪੂਰੀ ਕੀਤੀ| ਸਾਥੀ ਸਿੰਘਾਂ ਨੇ ਉਸ ਦੁਆਰਾ ਪਰੋਸਿਆ ਖਾਣਾ ਵੀ ਛਕਿਆ| ਇਸ ਅਸਥਾਨ ਤੇ ਹੁਣ ਗੁ: ਸ੍ਰੀ ਕਿਰਪਾਨ ਭੇਟ ਸਾਹਿਬ ਸੁਸ਼ੋਭਿਤ ਹੈ||
ਤਸਵੀਰਾਂ ਲਈਆਂ ਗਈਆਂ :-
੪ ਮਈ, ੨੦੦੮. |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
|
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ, ਮਾਛੀਵਾੜਾ
ਕਿਸ ਨਾਲ ਸੰਬੰਧਤ ਹੈ:-
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ :-
ਪਿੰਡ :- ਮਾਛੀਵਾੜਾ
ਜ਼ਿਲ੍ਹਾ :- ਲੁਧਿਆਣਾ
ਰਾਜ :- ਪੰਜਾਬ
ਫ਼ੋਨ ਨੰਬਰ:-੦੦੯੧- ੧੬੨੮-੨੫੦੧੯੦ |
|
|
|
|
|
|