ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਬੀੜ ਬਾਬਾ ਬੁੱਢਾ ਸਾਹਿਬ ਜ਼ਿਲ੍ਹਾ ਅਮ੍ਰਿਤਸਰ ਦੇ ਪਿੰਡ ਚਬਾਲ ਵਿਚ ਸਥਿਤ ਹੈ | ਇਹ ਪਵਿੱਤਰ ਸਥਾਨ ਬਾਬਾ ਬੁੱਢਾ ਜੀ ਦਾ ਤੱਪ ਅਸਥਾਨ ਹੈ । ਇਸ ਬੀੜ ਦੀ ਧਰਤੀ ਨੂੰ ਬਾਦਸ਼ਾਹ ਅਕਬਰ ਨੇ ਸ਼੍ਰੀ ਗੁਰੂ ਅਮਰਦਾਸ ਜੀ ਦੇ ਸੱਚੇ ਸੁੱਚੇ ਅਤੇ ਪ੍ਰਭਾਵੀ ਜੀਵਨ ਤੋਂ ਪ੍ਰਭਾਵਿਤ ਹੋ ਕੇ ਬੀਬੀ ਭਾਨੀ ਜੀ ਨੂੰ ਧੀ ਸਮਝ ਕੇ ੮੪ ਪਿੰਡ ਸਤਿਕਾਰ ਵਜੋਂ ਭੇਂਟ ਕੀਤੇ । ਇਹ ਪਵਿੱਤਰ ਅਸਥਾਨ ਉਹਨਾਂ ੮੪ ਪਿੰਡਾਂ ਦਾ ਕੇਂਦਰ ਹੈ । ਬਾਬਾ ਬੁੱਢਾ ਜੀ ਦਾ ਜਨਮ ੭ ਕੱਤਕ ੧੫੬੩ ਸੰਮਤ ਨੂੰ ਪਿੰਡ ਕੱਥੂਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸੁੱਘੇ ਰੰਧਾਵੇ ਦੇ ਘਰ ਮਾਤਾ ਗੌਰਾਂ ਦੀ ਕੁੱਖੋਂ ਹੋਇਆ । ਮਾਤਾ-ਪਿਤਾ ਨੇ ਆਪਦਾ ਨਾਂ ਬੂੜਾ ਰੱਖਿਆ । ਸੰਗਤ ੧੫੭੫ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਜਦ ਵਿਚਰਦੇ ਹੋਏ ਪਿੰਡ ਕੱਥੂਨੰਗਲ ਆਏ ਤਾਂ ਭਾਈ ਬੂੜਾ ਜੀ ਪਸ਼ੂ ਚਾਰਦੇ ਹੋਏ ਪ੍ਰੇਮ ਭਾਵ ਨਾਲ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਹਾਜਰ ਹੋਏ ਤੇ ਵਿਵੇਕ ਵੈਰਾਗ ਦੀਆਂ ਗੱਲਾਂ ਕੀਤੀਆ । ਸਤਿਗੁਰਾਂ ਨੇ ਫੁਰਮਾਇਆ ਕਿ ਭਾਵੇਂ ਤੇਰੀ ਉਮਰ ਛੋਟੀ ਹੈ ਪਰ ਸਮਝ ਕਰਕੇ ਬੁੱਢਾ (ਬ੍ਰਿਧ) ਹੈ । ਉਸ ਦਿਨ ਤੋਂ ਨਾਮ ਬੁੱਢਾ ਪ੍ਰਸਿੱਧ ਹੋ ਗਿਆ । ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸਿਰਜਣਾ ਸਮੇਂ ਬਾਬਾ ਬੁੱਢਾ ਜੀ ਸਾਹਿਬ ਨੇ ਇਸ ਉਪਰੋਕਤ ਬੀੜ (ਛੋਟਾ ਜੰਗਲ) ਨੂੰ ਆਪਣਾ ਤੱਪ ਅਸਥਾਨ ਬਣਾਇਆ । ਇਥੇ ਹੀ ਗੁਰੂ ਘਰ ਦੀਆਂ ਗਾਵਾਂ ਦੀ ਸੰਭਾਲ ਅਤੇ ਸਿੱਖ ਧਰਮ ਦਾ ਪ੍ਰਚਾਰ ਕਰਦੇ ਸਨ । ਇਹ ਪਵਿੱਤਰ ਅਸਥਾਨ ਸਿੱਖੀ ਦੇ ਪ੍ਰਚਾਰ ਦਾ ਕੇਂਦਰ, ਗੁਰਸਿੱਖਾਂ ਵੱਲੋਂ ਦਸਵੰਧ ਇਕੱਠਾ ਕਰਨ ਦੀ ਸਹੂਲਤ ਦਾ ਸਥਾਨ ਅਤੇ ਹੁਣ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਦਾ ਮਹਾਨ ਕੁੰਭ ਹੈ । ਬਾਬਾ ਬੁੱਢਾ ਜੀ ਆਪਣੇ ਜੀਵਨ ਦਾ ਬਹੁਤਾਂ ਹਿੱਸਾ ਇਸ ਬੀੜ ਵਿੱਚ ਹੀ ਬਤੀਤ ਕੀਤਾ । ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ਇਥੇ ਚਰਨ ਪਾਏ ਸਨ । ਇਸੇ ਅਸਥਾਨ ਤੇ ਮਾਤਾ ਗੰਗਾ ਜੀ ਨੇ ੨੧ ਅੱਸੂ ਨੂੰ ਬਾਬਾ ਬੁੱਢਾ ਜੀ ਦੀ ਸਹਿਜ ਅਵਸਥਾ ਵਿੱਚ ਪੁੱਤਰ ਦੀ ਦਾਤ ਮੰਗੀ ਅਤੇ ਬਾਬਾ ਬੁੱਢਾ ਜੀ ਨੇ ਗੁਰੂ ਨਾਨਕ ਦੇ ਖਜਾਨੇ ਵਿੱਚੋਂ ਮਾਤਾ ਗੰਗਾ ਜੀ ਨੂੰ ਪੁੱਤਰ ਦੀ ਦਾਤ ਲਈ ਅਸ਼ੀਰਵਾਦ ਦਿੱਤਾ ਅਤੇ ਕਿਹਾ,"ਮਾਤਾ ਜੀ ਤੁਹਾਡੇ ਘਰ ਵਿੱਚ ਇੱਕ ਮਹਾਨ ਯੋਧਾ ਪੈਦਾ ਹੋਵੇਗਾ ਜੋ ਮੁਗਲਾਂ ਦੇ ਸਿਰ ਇੰਜ ਭੰਨੇਗਾ ਜਿਵੇਂ ਅਸੀਂ ਗੰਢਾ ਭੰਨਿਆ ਹੈ।" ਉਸ ਵੇਲੇ ਬਾਬਾ ਜੀ ਮਾਤਾ ਗੰਗਾ ਜੀ ਵੱਲੋਂ ਲਿਆਂਦੇ ਪ੍ਰਸ਼ਾਦੇ ਅਤੇ ਗੰਢਾ ਛਕ ਰਹੇ ਸਨ । ਇਸੇ ਯਾਦ ਵਿੱਚ ਅੱਜ ਤੱਕ ੨੧-੨੨ ਅੱਸੂ ਨੂੰ ਇਸ ਪਵਿੱਤਰ ਅਸਥਾਨ ਤੇ ਸਲਾਨਾ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ । ਜਿਸ ਵਿੱਚ ਲੱਖਾਂ ਸ਼ਰਧਾਲੂ ਦਰਸ਼ਨਾਂ ਲਈ ਪਹੁੰਚ ਕੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ । ਸਲਾਨਾ ਮੇਲੇ ਤੋਂ ਇਲਾਵਾ ਹਰ ਸੰਗਰਾਂਦ ਤੇ ਵੀ ਬਹੁਤ ਵੱਡਾ ਇਕੱਠ ਹੁੰਦਾ ਹੈ ਅਤੇ ਦੀਵਾਨ ਸੱਜਦਾ ਹੈ । ਸ਼੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਮਾਤਾ ਗੰਗਾ ਜੀ ਨੂੰ ਇਸ ਅਸਥਾਨ ਤੇ ਪੁੱਤਰ ਦੀ ਦਾਤ ਲਈ ਭੇਜਣਾ ਗੁਰੂ ਸਾਹਿਬ ਵੱਲੋਂ ਆਪਣੇ ਸਿੱਖ ਨੂੰ ਮਹਾਨ ਦਰਜਾ ਦੇਣ ਦਾ ਸਬੂਤ ਹੈ । ਬਾਬਾ ਬੁੱਢਾ ਜੀ ੧੬੬੧ ਵਿੱਚ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਪਹਿਲੇ ਗ੍ਰੰਥੀ ਮੁਕੱਰਰ ਹੋਏ । ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਤੋਂ ਹੀ ਗੁਰਮੁਖੀ ਸਿੱਖੀ । ਸ਼੍ਰੀ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤਕ ਬਾਬਾ ਬੁੱਢਾ ਜੀ ਆਪਣੇ ਹੱਥੀਂ ਗੁਰਗੱਦੀ ਸਮੇਂ ਤਿਲਕ ਲਾਉਣ ਦੀ ਰਸਮ ਅਦਾ ਕਰਦੇ ਰਹੇ ਸਨ । ੧੪ ਮਾਘ ੧੬੮੮ ਨੂੰ ਪਿੰਡ ਰਮਦਾਸ ਵਿਖੇ ੧੨੫ ਸਾਲ ਦੀ ਆਯੂ ਭੋਗ ਕੇ ਆਪ ਪ੍ਰਲੋਕ ਸਿਧਾਰ ਗਏ ਅਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀਂ ਬਾਬਾ ਜੀ ਦਾ ਅੰਤਿਮ ਸੰਸਕਾਰ ਕੀਤਾ ।

ਤਸਵੀਰਾਂ ਲਈਆਂ ਗਈਆਂ :- ੨੪ ਦਿਸੰਬਰ, ੨੦੦੬.
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਬੀੜ ਬਾਬਾ ਬੁੱਢਾ ਸਾਹਿਬ, ਚਬਾਲ

ਕਿਸ ਨਾਲ ਸੰਬੰਧਤ ਹੈ :- :-
  • ਸ਼੍ਰੀ ਗੁਰੂ ਅਰਜਨ ਦੇਵ ਜੀ
  • ਬਾਬਾ ਬੁੱਢਾ ਜੀ

  • ਪਤਾ:-
    ਪਿੰਡ ਠਠਾ
    ਜ਼ਿਲ੍ਹਾ :- ਅਮ੍ਰਿਤਸਰ
    ਰਾਜ :- ਪੰਜਾਬ
    ਫ਼ੋਨ ਨੰਬਰ :-੦੦੯੧ ੧੮੫੨-੨੭੭੩੨੬
     

     
     
    ItihaasakGurudwaras.com