ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਗਊ ਘਾਟ ਸਾਹਿਬ ਬਿਹਾਰ ਰਾਜ ਦੇ ਪਟਨਾ ਸ਼ਹਿਰ ਵਿਚ ਮਹਾਤਮਾ ਗਾਂਧੀ ਪੁਲ ਕੋਲ ਅਸ਼ੋਕਾ ਸੜਕ ਤੇ ਸਥਿਤ ਹੈ | ਸ਼੍ਰੀ ਗੁਰੂ ਨਾਨਕ ਦੇਵ ਜੀ ਇਸ ਅਸਥਾਨ (ਪਿੰਡ ਬਿਸ਼ਮਬਰਪੁਰਾ) ਤੇ ਆਏ ਅਤੇ ਭਾਈ ਜੈਤਾ ਮੱਲ ਜੀ ਨਾਲ ਬਚਨ ਬਿਲਾਸ ਕੀਤੇ | ਉਸ ਵੇਲੇ ਭਾਈ ਜੈਤਾ ਮੱਲ ਜੀ ਦੀ ਉਮਰ ੩੫੦ ਸਾਲ ਸੀ | ਗੁਰੂ ਸਾਹਿਬ ਦੇ ਉਪਦੇਸ਼ ਸੁਣ ਕੇ ਭਾਈ ਜੈਤਾ ਮੱਲ ਜੀ ਉਹਨਾਂ ਦੇ ਸੇਵਕ ਬਣ ਗਏ ਅਤੇ ਉਹਨਾਂ ਨੂੰ ਬੇਨਤੀ ਕੀਤੀ ਕੇ ਮੈਨੂੰ ਇਸ ਜੀਵਨ ਤੋਂ ਮੁਕਤੀ ਦਿਵਾਉ | ਗੁਰੂ ਸਾਹਿਬ ਨੇ ਕਿਹਾ ਕਿ ਅਜੇ ਤੁਹਾਡੇ ਸੰਸਾਰਕ ਸੁਖ ਭੋਗਣੇ ਬਾਕੀ ਹਨ | ਇਸ਼ਨਾਨ ਨਾਲ ਦੁਖ ਦੂਰ ਹੋਣਗੇ | ਗੰਗਾ ਜੀ ਆਪ ਆਕੇ ਤੁਹਾਨੂੰ ਇਸ਼ਨਾਨ ਕਰਾਇਆ ਕਰਨਗੇ | ਭਾਈ ਜੈਤਾ ਮੱਲ ਜੀ ਨੇ ਕਿਹਾ ਕੇ ਜੇ ਗੰਗਾ ਇਥੇ ਆਇਆ ਕਰੇਗੀ ਤਾਂ ਪਿੰਡ ਵਾਲਿਆਂ ਨੂੰ ਤਕਲੀਫ਼ ਹੋਵੇਗੀ ਅਤੇ ਉਹਨਾਂ ਕਰਕੇ ਕਿਸੇ ਹੋਰ ਨੂੰ ਤਕਲੀਫ਼ ਕਿਉਂ ਹੋਵੇ | ਫ਼ੇਰ ਗੁਰੂ ਸਾਹਿਬ ਨੇ ਕਿਹਾ ਕੇ ਤੁਸੀਂ ਇਸ ਕੁੰਭ ਵਿਚ ਬੈਠਣਾ ਅਤੇ ਗੰਗਾ ਇਥੇ ਗਊ ਦੇ ਰੂਪ ਵਿਚ ਆਕੇ ਆਪਣੇ ਮੁੱਖ ਵਿਚੋਂ ਗੰਗਾ ਜਲ ਡੋਲ਼ ਕੇ ਤੁਹਾਨੂੰ ਇਸ਼ਨਾਨ ਕਰਾਇਆ ਕਰੇਗੀ | ਇਸ ਤਰਾਂ ਗਊ ਰੂਪੀ ਗੰਗਾ ਵਾਪਿਸ ਚਲੀ ਜਾਏਗੀ ਅਤੇ ਕਿਸੇ ਨੂੰ ਕੋਈ ਤਕਲੀਫ਼ ਨਹੀਂ ਹੋਵੇਗੀ | ਗੁਰੂ ਸਾਹਿਬ ਇਥੇ ੧ ਸਾਲ ੬ ਮਹੀਨੇ ਇਸ ਸਥਾਨ ਤੇ ਰਹੇ | ਇਥੋਂ ਹੀ ਗੁਰੂ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਇੱਕ ਕੀਮਤੀ ਪੱਥਰ ਦੇ ਕੇ ਪਟਨਾ ਸ਼ਹਿਰ ਵੇਚਣ ਲਈ ਭੇਜਿਆ | ਭਾਈ ਮਰਦਾਨਾ ਜੀ ਸੁਨਾਰ ਤੋਲ਼ੀ ਬਜਾਰ ਵਿਚ ਪੰਹੁਚੇ | ਉਸ ਸਥਾਨ ਤੇ ਗੁਰਦੁਆਰਾ ਸ਼੍ਰੀ ਸੁਨਾਰ ਤੋਲੀ ਸਾਹਿਬ ਸ਼ੁਸ਼ੋਬਿਤ ਹੈ | ਗੁਰੂ ਸਾਹਿਬ ਨੇ ਭਾਈ ਸਾਹਿਬ ਨੂੰ ਕਿਹਾ ਅਗਲੇ ਜਾਂਮੇ ਵਿਚ ਆਕੇ ਤੁਹਾਡੀ ਮੁਕਤੀ ਕਰਾਂਗੇ | ਭਾਈ ਸਾਹਿਬ ਨੇ ਪੁੱਛਿਆ ਕੇ ਮੈਂਨੂੰ ਤੁਹਾਡੀ ਪਹਿਚਾਣ ਕਿਂਵੇ ਹੋਵੇਗੀ | ਗੁਰੂ ਸਾਹਿਬ ਨੇ ਦਸਿਆ ਕੇ ਅਗਲੇ ਜਾਮੇ ਵਿਚ ਆ ਕੇ ਇਸੇ ਸਥਾਨ ਤੇ ਆਸਣ ਲਾਵਾਂਗੇ ਅਤੇ ਤੁਹਾਨੂੰ ਇਸੇ ਸਰੂਪ ਵਿਚ ਦਰਸ਼ਨ ਦੇਵਾਂਗੇ | ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਨਾਨਕੀ ਜੀ ਨੂੰ ਸਤਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਰਾਇ ਸਾਹਿਬ ਜੀ ਨੇ ਵਰ ਦਿੱਤਾ ਕਿ ਜਦੋਂ ਤੁਸੀਂ ਤ੍ਰਿਬੈਣੀ (ਗੰਗਾ ਯਮੁਨਾ ਸਰਸਵਤੀ)ਵਿਚ ਇਸ਼ਨਾਨ ਕਰੋਗੇ ਤਾਂ ਆਪ ਦੇ ਘਰ ਪੋਤਰਾ ਹੋਵੇਗਾ | ਉਹ ਬਹੁਤ ਬਹਾਦਰ ਹੋਵੇਗਾ ਅਤੇ ਸਿੱਖੀ ਦਾ ਝੰਡਾ ਝੁਲਾਵੇਗਾ | ਉਸਦਾ ਜਨਮ ਬੰਗਾਲ ਬਿਹਾਰ ਵਿਚ ਹੋਵੇਗਾ |

ਆਸਾਮ ਦੀ ਯਾਤਰਾ ਨੂੰ ਜਾਂਦੇ ਹੋਏ ਸ਼੍ਰੀ ਗੁਰੂ ਤੇਗ ਬਹਾਦਰ ਜੀ ਇਲਾਹਾਬਾਦ, ਸਸਾਰਾਮ ਹੁੰਦੇ ਹੋਏ ਇਥੇ ਪਹੁੰਚੇ | ਭਾਈ ਜੈਤਾ ਮੱਲ ਜੀ ਅਪਣੇ ਘਰ ਦੇ ਦਰਵਾਜੇ ਅਕਸਰ ਬੰਦ ਕਰਕੇ ਨਾਮ ਜਪਦੇ ਰਹਿਂਦੇ ਸਨ | ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਇਥੇ ਆਏ ਤਾਂ ਸੰਗਤ ਨੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਆਏ ਹਨ ਭਾਈ ਸਾਹਿਬ ਜੀ ਦਰਵਾਜਾ ਖੋਲੋ | ਭਾਈ ਸਾਹਿਬ ਨੇ ਜਵਾਬ ਦਿੱਤਾ ਕਿ ਜੇ ਗੁਰੂ ਸਾਹਿਬ ਆਏ ਹਨ ਤਾਂ ਉਹਨਾਂ ਨੂੰ ਪੁੱਛਣ ਦੀ ਲੋੜ ਨਹੀਂ ਹੈ ਉਹ ਸਿੱਧਾ ਅੰਦਰ ਆ ਸਕਦੇ ਹਨ | ਇਹ ਸੁਣ ਕੇ ਗੁਰੂ ਸਾਹਿਬ ਨੇ ਘੋੜੇ ਤੇ ਸਵਾਰ ਹੋਇਆਂ ਹੀ ਇਕ ਛੋਟੇ ਦਰਵਾਜੇ ਵਿਚ ਦੀ ਅੰਦਰ ਪ੍ਰਵੇਸ਼ ਕੀਤਾ | ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਵਿਚ ਦਰਸ਼ਨ ਦਿੱਤੇ | ਗੁਰੂ ਸਾਹਿਬ ਦੇ ਦਰਸ਼ਨ ਕਰਕੇ ਭਾਈ ਜੈਤਾ ਮੱਲ ਜੀ ਨੇ ਸ਼ਰੀਰ ਤਿਆਗ ਦਿੱਤਾ | ਗੁਰੂ ਸਾਹਿਬ ਨੇ ਆਪ ਉਹਨਾਂ ਦ ਅੰਤਿਮ ਸੰਸਕਾਰ ਕੀਤਾ ਅਤੇ ਉਹਨਾਂ ਦੇ ਘਰ ਵਾਲੇ ਸਥਾਨ ਤੇ ਧਰਮਸ਼ਾਲਾ ਬਣਵਾਉਣੀ ਸ਼ੁਰੂ ਕੀਤੀ | ਜਦੋਂ ਧਰਮਸ਼ਾਲਾ ਬਣ ਰਹੀ ਸੀ ਤਾਂ ਕਾਰੀਗਰਾਂ ਨੇ ਦੋ ਲੱਕੜ ਦੇ ਥੰਮ ਲਿਆਂਦੇ | ਜਦ ਉਹਨਾਂ ਦੀ ਮਿਣਤੀ ਕੀਤੀ ਗਈ ਤਾਂ ਉਹ ਛੋਟੇ ਨਿਕਲੇ, ਗੁਰੂ ਸਾਹਿਬ ਨੇ ਉਹਨਾਂ ਨੂੰ ਦੁਬਾਰਾ ਮਿਣਤੀ ਕਰਨ ਲਈ ਕਿਹਾ, ਦੁਸਰੀ ਵਾਰ ਮਿਣਤੀ ਕਰਨ ਤੇ ਵੀ ਉਹ ਛੋਟੇ ਨਿਕਲੇ | ਗੁਰੂ ਸਾਹਿਬ ਨੇ ਕਿਹਾ ਕੇ ਰਹਿਣ ਦਿਉ ਇਹਨਾਂ ਨੂੰ ਕੱਲ ਦੇਖਾਂਗੇ | ਜਦ ਦੂਸਰੇ ਦਿਨ ਉਹਨਾਂ ਦੀ ਮਿਣਤੀ ਕੀਤੀ ਗਈ ਤਾਂ ਉਹ ਪੂਰੇ ਨਿਕਲੇ | ਪਰ ਫ਼ੇਰ ਗੁਰੂ ਸਾਹਿਬ ਨੇ ਉਹਨਾਂ ਨੂੰ ਨਾਂ ਵਰਤਣ ਲਈ ਕਿਹਾ ਅਤੇ ਵਰ ਦਿੱਤਾ ਕੇ ਜੋ ਕੋਈ ਵੀ ਇਹਨਾਂ ਥੰਮਾਂ ਨੂੰ ਪਿਆਰ ਨਾਲ ਗੱਲ ਲਗੂਗਾ ਉਹਨਾਂ ਦੀਆਂ ਸਭ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ |

ਗੁਰਦੁਆਰਾ ਸਾਹਿਬੇ ਵਿਖੇ ਗੁਰੂ ਸਾਹਿਬ ਦੀ ਛੋ ਪ੍ਰਾਪਤ ਵਸਤਾਂ

  • ਕਿੱਲ਼ਾ ਸਾਹਿਬ ਜਿਸ ਨਾਲ ਗੁਰੂ ਸਾਹਿਬ ਨੇ ਘੋੜਾ ਬਨਿੰਆ ਸੀ, ਹੁਣ ਉਹ ਕਿੱਲ਼ਾ ਦਰਖਤ ਬਣ ਗਿਆ ਹੈ ਅਤੇ ਇਥੇ ਸ਼ੁਸੋਬਿਤ ਹੈ
  • ਜਿਸ ਅਸਥਾਨ ਤੇ ਗੰਗਾ ਗਾਂ ਦੇ ਰੂਪ ਵਿਚ ਭਾਈ ਜੈਤ ਮੱਲ ਜੀ ਨੂੰ ਇਸ਼ਨਾਨ ਕਰਵਾਉਂਦੀ ਸੀ
  • ਉਹ ਖਿੜਕੀ ਜਿਸ ਵਿਚ ਦੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਪਰਿਵਾਰ ਸਮੇਤ ਭਾਈ ਜੈਤ ਮੱਲ ਜੀ ਦੇ ਘਰ ਪ੍ਰਵੇਸ਼ ਕਿਤਾ ਸੀ
  • ਲਕੜ ਦੇ ਦੋ ਥੰਮ
  • ਚੱਕੀ ਸਾਹਿਬ
  • ਗੁਰਦਵਾਰ ਸਾਹਿਬ ਦੇ ਦਰਵਾਜੇ ਦੀ ਚੋਗਾਠ


  • ਤਸਵੀਰਾਂ ਲਈਆਂ ਗਈਆਂ :- 16-Nov, 2010.
     
    ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
     
     
      ਵਧੇਰੇ ਜਾਣਕਾਰੀ:-
    ਗੁਰਦੁਆਰਾ ਸ਼੍ਰੀ ਗਊ ਘਾਟ ਸਾਹਿਬ, ਪਟਨਾ

    ਕਿਸ ਨਾਲ ਸੰਬੰਧਤ ਹੈ:-
  • ਸ਼੍ਰੀ ਗੁਰੂ ਨਾਨਕ ਦੇਵ ਜੀ
  • ਸ਼੍ਰੀ ਗੁਰੂ ਤੇਗ ਬਹਾਦਰ ਜੀ
  • ਭਾਈ ਜੈਤਾ ਮੱਲ ਜੀ

  • ਪਤਾ:-
    ਪਟਨਾ
    ਪਟਨਾ ਸ਼ਹਿਰ
    ਰਾਜ :- ਬਿਹਾਰ
    ਫ਼ੋਨ ਨੰਬਰ:-

    Accomodation Available :- No
     
     
     
    ItihaasakGurudwaras.com